ਅਸੀਂ ਵਿਚਾਲੂ


ਬੰਦੇ ਹੀ ਬਾਬੇ ਬਣਦੇ ਹਨ, ਇਸ ਕਲਯੁਗ 'ਚ ਤਾਂ ਜਿਹੜੇ ਬੰਦੇ, ਬੰਦੇ ਨਹੀਂ ਰਹਿੰਦੇ, ਉਹ ਬਾਬੇ ਬਣ ਜਾਂਦੇ ਹਨ। ਇਹ ਬੇਸ਼ੱਕ ਬਾਬੇ ਬਣ ਕੇ ਬੰਦੇ ਨਹੀਂ ਰਹਿੰਦੇ। ਪਰ ਜਿਹੜੀਆਂ ਮੌਜਾਂ ਲਗਦੀਆਂ ਹਨ, ਉਹ ਬੰਦੇ ਬਣੇ ਰਹਿ ਕੇ ਕਿਥੇ ਨਸੀਬ ਹੁੰਦੀਆਂ ਹਨ।
ਹਾਲ 'ਚ ਹੀ ਇਕ ਨਵਾਂ ਬਾਬਾ, ਬਾਬਿਆਂ ਦੀ ਢਾਣੀ 'ਚ ਸ਼ਾਮਿਲ ਹੋ, ਧਰੂ ਤਾਰੇ ਵਾਂਗ ਚਮਕਿਆ ਹੈ। ਸੋ, ਮੇਰੇ ਮਨ 'ਚ ਵੀ ਆਇਆ ਕਿ ਚਲੋ ਬਾਬਾ ਬਣ ਜਾਈਏ। ਪਤੈ ਜਦ ਮੈਂ ਸੰਤ ਫਤਹਿ ਸਿੰਘ ਦੇ ਅਖ਼ਬਾਰ 'ਚੋਂ ਅਸਤੀਫ਼ਾ ਦਿੱਤਾ ਸੀ ਤਾਂ ਮੇਰੀ ਤਨਖਾਹ 600 ਰੁਪਏ ਮਹੀਨਾ ਸੀ। ਓਸ ਸਮੇਂ ਕਈ ਪ੍ਰਸਿੱਧ ਬਾਬੇ ਆਪਣੇ ਥਾਲ ਦਾ ਭੋਜਨ ਮੈਨੂੰ ਛਕਾਉਂਦੇ ਹੁੰਦੇ ਸਨ, ਫਲ-ਫਰੂਟ ਦੀਆਂ ਟੋਕਰੀਆਂ ਵੀ ਭੇਟ ਕਰ ਦਿੰਦੇ ਸਨ ਕਿਉਂਕਿ ਉਨ੍ਹਾਂ ਨੇ ਆਪ ਮੁੱਲ ਨਹੀਂ ਖਰੀਦੀਆਂ ਹੁੰਦੀਆਂ ਸਨ, ਉਨ੍ਹਾਂ ਨੂੰ ਭਗਤ ਭੇਟ ਕਰ ਜਾਂਦੇ ਸਨ, ਉਹ ਇਕ ਅੱਧੀ ਟੋਕਰੀ ਮੁਫਤੋ-ਮੁਫਤੀ ਸਾਨੂੰ ਫੜਾ ਦਿੰਦੇ ਸਨ। ਓਸ ਵੇਲੇ ਅਕਲ ਨਾ ਆਈ ਕਿ ਕੀ ਲੈਣੈ ਐਡੀਟਰ ਬਣ ਕੇ, ਬਾਬੇ ਹੀ ਬਣ ਜਾਈਏ।
ਅਕਲ ਆਤੀ ਹੈ ਇੰਸਾਂ ਕੋ,
ਠੋਕਰੇਂ ਖਾਨੇ ਕੇ ਬਾਅਦ।
ਸੋ, ਹਿਨਾ ਰੰਗ ਲਾਈ ਪੱਥਰ ਪੇ ਘਿਸ ਜਾਨੇ ਕੇ ਬਾਅਦ, ਅਕਲ ਹੁਣ ਆਈ, ਕਈ ਕਈ ਥਾਂ-ਥਾਂ ਠੋਕਰੇਂ ਖਾਨੇ ਕੇ ਬਾਅਦ। ਫੈਸਲਾ ਕਰ ਲਿਆ ਕਿ ਚਲੋ, ਅਸੀਂ ਵੀ ਬਾਬੇ ਬਣ ਜਾਈਏ।
ਪਹਿਲੀ ਪਾਇਦਾਨ (ਪੌੜੀ) ਇਹ ਸੀ ਕਿ ਨਾਂਅ ਕੀ ਰੱਖੀਏ? ਪਹਿਲਾਂ ਸੋਚਿਆ ਨਿਰਮੂਲ ਬਾਬਾ ਨਾਂਅ ਰੱਖ ਲੈਂਦੇ ਹਾਂ ਪਰ ਫਿਰ ਅਕਲ ਆਈ ਕਿ 'ਨਿਰਮੂਲ' ਤਾਂ ਬਿਲਕੁਲ ਫਜ਼ੂਲ ਹੈ। ਜਿਹਦਾ ਮੂਲ ਹੀ ਨਹੀਂ ਉਹਦੀ ਥਾਂ ਕੀ ਬਣਨੀ ਹੈ। ਸੋ, ਫੈਸਲਾ ਕਰ ਲਿਆ ਕਿ ਨਾਂਅ ਰੱਖਾਂਗੇ...
ਮਿਨਰਲ ਬਾਬਾ
ਕਿਉਂਕਿ ਮਿਨਰਲ ਵਾਟਰ ਵੀ ਪੂਰੀ ਤਰ੍ਹਾਂ ਨਿਰਮਲ ਹੋਣ ਦਾ ਦਾਅਵਾ ਕਰਦਾ ਹੈ, ਲੋਕੀਂ ਬੋਤਲਾਂ ਦੀਆਂ ਬੋਤਲਾਂ ਖਰੀਦ-ਖਰੀਦ ਪੀਵੀ ਜਾਂਦੇ ਨੇ। ਨਾਲੇ ਇਹ ਆਪਣੇ-ਆਪ ਵਿਚ ਵੱਖਰਾ ਨਾਂਅ ਹੋਵੇਗਾ, ਮਿਨਰਲ ਬਾਬਾ, ਪਿਓਰ ਸਾਫ਼, ਸਵੱਛ। ਅਪਵਿੱਤਰ ਹੋਣ ਦਾ ਤਾਂ ਮਤਲਬ ਹੀ ਨਹੀਂ ਕਿਉਂਕਿ ਮਿਨਰਲ ਬਾਬਾ, ਫ਼ਿਲਮਾਂ ਨਾਲ ਜੁੜਿਆ ਹੈ।
ਨਾਂਅ-ਮਿਨਰਲ ਬਾਬਾ, ਦੋਸਤਾਂ-ਮਿੱਤਰਾਂ, ਸੰਗੀ-ਸਾਥੀਆਂ ਨੂੰ ਵੀ ਪਸੰਦ ਆਇਆ, ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਆਪਣੇ-ਆਪ ਨੂੰ ਬਾਬਾ ਸਥਾਪਤ ਕਰਨ ਲਈ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਲੋਕਾਂ ਨਾਲ ਜੁੜਿਆ ਜਾਏ, ਮਤਲਬ ਹੈ ਲੋਕਾਂ ਨੂੰ ਆਪਣੇ ਨਾਲ ਜੋੜਿਆ ਜਾਏ, ਸਗੋਂ ਆਪਣੇ ਪਿੱਛੇ ਲਾਇਆ ਜਾਏ ਭਾਵ ਆਪਣੇ ਮਾਇਆ ਜਾਲ ਵਿਚ ਫਾਹਿਆ ਜਾਵੇ।
ਜੇਕਰ ਮਾਇਆ ਦੇ ਗੱਫੇ ਹਾਸਲ ਨਾ ਹੋਣ ਤਾਂ ਬਾਬੇ ਬਣਨ ਦਾ ਫਾਇਦਾ ਹੀ ਕੀ? ਸੋ, ਬਾਬਿਆਂ ਦੇ ਅਕਾਸ਼ ਵਿਚ, ਇਕ ਨਵਾਂ ਤਾਰਾ ਉੱਭਰਿਆ ਤੇ ਚਮਕਿਆ ਹੈ, ਸਾਡੇ ਰੂਪ ਵਿਚ ਨਾਂਅ ਹੈ...
ਮਿਨਰਲ ਬਾਬਾ
ਬਾਬੇ ਬਣ ਕੇ, ਸਮਾਗਮ ਕਰਨਾ ਜ਼ਰੂਰੀ ਹੈ, ਸਮਾਗਮ ਨਾ ਕਰੋਗੇ ਤਾਂ ਬਾਬਾ ਬਣ ਕੇ ਵੀ ਗਮ ਸਹਿਣੇ ਪੈਣਗੇ, ਜਾਣ-ਪਛਾਣ ਬਥੇਰੀ ਹੈ, ਬਾਕੀ ਐਨੀ ਅਕਲ ਤਾਂ ਹੈ ਈ ਕਿ ਕੁਝ ਬੀਬੀਆਂ ਕਿਰਾਏ 'ਤੇ ਇਕੱਤਰ ਕਰ ਲਈਆਂ। ਪਹਿਲਾਂ ਸਮਾਗਮ ਆਪਣੇ ਖਰਚੇ 'ਤੇ ਐਂਟਰੀ ਬਿਲਕੁਲ ਫ੍ਰੀ। ਜਾਣ-ਬੁੱਝ ਕੇ ਛੋਟਾ ਹਾਲ ਲਿਆ ਸੀ, ਆਈਡੀਆ ਸਟੀਕ ਬੈਠਾ, ਹਾਲ ਪੂਰੀ ਤਰ੍ਹਾਂ ਖਚਾਖਚ ਭਰ ਗਿਆ, ਭਗਤਾਂ ਨਾਲ ਹਾਲ ਦੇ ਬਾਹਰ ਵੀ ਦਰਸ਼ਨ ਅਭਿਲਾਸ਼ੀਆਂ ਦੀ ਕਾਫ਼ੀ ਭੀੜ ਜਮ੍ਹਾਂ ਸੀ। ਜਿਸ ਪ੍ਰਾਣੀ ਨੂੰ ਵੇਖੋ, ਕੋਈ ਨਾ ਕੋਈ ਬਿਮਾਰੀ ਦੁੱਖ ਤਕਲੀਫ਼ ਜ਼ਰੂਰ ਹੈ ਕੋਈ ਐਸ ਬਿਮਾਰੀ ਦਾ ਮਾਰਿਆ ਹੋਇਐ, ਕੋਈ ਐਸ ਬਿਮਾਰੀ 'ਚ ਗ੍ਰਸਤ। ਡਾਕਟਰਾਂ ਹਕੀਮਾਂ ਤੋਂ ਬੜੇ ਇਲਾਜ ਕਰਾਏ, ਪਰ ਬਿਮਾਰੀ ਜਾਂਦੀ ਹੀ ਨਹੀਂ, ਉਲਟਾ।
ਮਰਜ਼ ਬੜ੍ਹਤਾ ਹੀ ਗਯਾ
ਯੂੰ-ਯੂੰ ਦਵਾ ਕੀ।
ਸੋ, ਪਾਪੂਲਰ ਹੋਣ ਲਈ ਸਭ ਤੋਂ ਪਹਿਲਾਂ ਤਾਂ ਭਗਤਾਂ 'ਚ ਇਹ ਵਿਸ਼ਵਾਸ ਪੈਦਾ ਕਰਨਾ ਜ਼ਰੂਰੀ ਹੈ ਕਿ ਜਿਸ ਬਿਮਾਰੀ ਦਾ ਇਲਾਜ ਡਾਕਟਰ, ਹਕੀਮ, ਵੈਦ ਨਾ ਕਰ ਸਕੇ, ਉਹਦਾ ਬਾਬਾ ਮਿੰਟਾਂ-ਸਕਿੰਟਾਂ 'ਚ ਕਰ ਦਿੰਦਾ ਹੈ। ਲੋਕਾਂ 'ਚ ਆਪਣੇ ਪ੍ਰਤੀ ਇਹ ਵਿਸ਼ਵਾਸ ਪੈਦਾ ਕਰਨ ਲਈ ਅਸਾਂ ਵੀ ਕਿਰਾਏ 'ਤੇ ਫਿਕਸ ਕੀਤੀਆਂ ਆਪਣੀਆਂ ਕੁਝ ਕੁ ਭਗਤਣੀਆਂ ਰਾਹੀਂ ਸਫਲ ਪ੍ਰਯੋਗ ਕੀਤਾ। ਉਨ੍ਹਾਂ ਦੇ ਹੱਥਾਂ 'ਚ ਕਾਰਡ ਲੈਸ ਮਾਈਕ ਫੜੇ ਹੋਏ ਸਨ। ਉਹ ਇਕ-ਇਕ ਕਰਕੇ ਪਹਿਲਾਂ ਤਾਂ ਸਾਡਾ ਯਾਨਿ 'ਮਿਨਰਲ ਬਾਬਾ' ਦਾ ਸ਼ੁਕਰਾਨਾ ਅਦਾ ਕਰਦੀਆਂ ਸਨ ਕਿ ਉਨ੍ਹਾਂ ਨੂੰ ਜੋ ਸਿਰ ਦਰਦ ਹੁੰਦਾ ਸੀ, ਲੱਕ ਦੇ ਮਰੋੜ ਪੈਂਦਾ ਸੀ, ਲੱਤਾਂ 'ਚ ਦਰਦ ਸੀ, ਉਹ ਸਭ ਮਿਨਰਲ ਬਾਬਾ ਜੀ ਦੀ ਕਿਰਪਾ ਸਦਕਾ ਦੂਰ ਹੋ ਗਿਆ ਹੈ। ਨਾਲ ਹੀ ਇਹ ਵੀ ਸ਼ੋਰ ਪਾ ਦਿੱਤਾ, ਉਨ੍ਹਾਂ ਕਿ ਮਿਨਰਲ ਬਾਬਾ ਕੋਈ ਧਾਗੇ-ਤਵੀਤ ਨਹੀਂ ਦਿੰਦੇ ਹਨ, ਬਲਕਿ ਸਲਾਹ ਦਿੰਦੇ ਹਨ ਕਿ ਫਲਾਣੀ ਚੀਜ਼ ਖਾ ਲਓ ਜਾਂ ਪੀ ਲਓ ਜਾਂ ਦੋਵੇਂ ਕੰਮ ਕਰ ਲਓ, ਜਿਵੇਂ ਗੋਲ ਗੱਪੇ ਖਾ ਲਓ, ਪਕੌੜੇ ਛਕ ਲਓ, ਚਟਣੀਆਂ ਚੱਟ ਲਓ, ਕਿਸੇ ਕੁੱਤੇ ਨੂੰ ਰੋਟੀ ਪਾ ਦਿਓ ਜਾਂ ਸ਼ਿਵਲਿੰਗ 'ਤੇ ਦੁੱਧ ਚੜ੍ਹਾ ਦਿਓ ਆਦਿ ਆਦਿ। ਇਹ ਫਾਰਮੂਲਾ ਚੰਗਾ ਸੀ ਨਾਲੇ ਇਹ ਵੀ ਸਿਖ ਲਿਆ ਕਿ ਜਿਹੜਾ ਆਖੇ ਕਿ ਉਹਨੂੰ ਸਾਡੇ ਦੱਸੇ 'ਤੇ ਅਮਲ ਕਰਨ 'ਤੇ ਵੀ ਕੋਈ ਲਾਭ ਨਹੀਂ ਹੋਇਆ ਤਾਂ ਉਹਨੂੰ ਕੀ ਜਵਾਬ ਦੇ ਕੇ, ਉਹਦੀ ਮੂਰਖਤਾ ਸਿੱਧ ਕਰਕੇ ਜੁੜੀ ਸੰਗਤ ਨੂੰ ਹਸਾਉਣਾ ਵੀ ਹੈ ਤੇ ਉਹਦੀ ਤਸੱਲੀ ਵੀ ਕਰਾਉਣੀ ਹੈ।
ਸੋ, ਦੂਜੇ ਸਮਾਗਮ ਤੋਂ ਪਹਿਲਾਂ ਅਸਾਂ ਇਹ ਸਾਫ਼ ਕਰ ਦਿੱਤਾ ਕਿ ਭਗਤਾਂ ਦੇ ਮਨਾਂ 'ਚ ਬਿਠਾ ਦਿੱਤਾ, ਇਸ ਵਿਚ ਸਾਡੀ ਆਪਣੀ ਕੋਈ ਕਿਰਪਾ ਨਹੀਂ ਹੈ ਜੋ ਕਿਰਪਾ ਹੈ ਉਹ ਅਪਰਮਪਾਰ ਦੀ ਹੈ, ਸਾਡੇ 'ਤੇ ਵੀ ਉਹਦੀ ਹੀ ਕਿਰਪਾ ਹੈ। ਉਹ ਕਿਰਪਾਲੂ ਹੈ ਉਹਦੀ ਸਾਡੇ 'ਤੇ ਕਿਰਪਾ, ਤੁਸੀਂ ਸ਼ਰਧਾਲੂ ਹੋ, ਸਾਡੀ ਤੁਹਾਡੇ 'ਤੇ ਕਿਰਪਾ। ਬਸ ਜੀ ਇਹ ਕਿਰਪਾ ਹੈ, ਜਿਹਦੀ ਕਿਰਪਾ ਹੈ, ਸਾਡੇ 'ਤੇ ਵੀ ਕਿਰਪਾ ਹੈ, ਤੁਹਾਡੇ 'ਤੇ ਵੀ ਕਿਰਪਾ ਹੈ।
ਉਹ ਕਿਰਪਾਲੂ
ਤੁਸੀਂ ਸ਼ਰਧਾਲੂ
ਅਸੀਂ ਵਿਚਾਲੂ
ਬਈ, ਚਾਨਣ ਉਹਦਾ, ਪਰ ਮੋਮਬੱਤੀ ਤਾਂ ਜਗਾਉਣੀ ਪੈਂਦੀ ਹੈ ਕਿਸੇ ਨਾ ਕਿਸੇ ਨੂੰ, ਫੇਰ ਰੋਸ਼ਨੀ ਉਹਦੀ ਕਿਰਪਾਲੂ ਦੀ, ਚਾਨਣ ਦੀਆਂ ਕਿਰਨਾਂ ਪੈਣ ਸ਼ਰਧਾਲੂਆਂ 'ਤੇ। ਇਸੇ ਤਰ੍ਹਾਂ ਜਗਮਗ ਜਗਮਗ ਹੁੰਦੀ ਹੈ। ਤਾਂ ਜੀ ਅਸੀਂ ਭਗਤਾਂ ਦਾ ਹਨੇਰਾ ਦੂਰ ਕਰਨ ਲਈ ਕਿਰਪਾਲੂ ਦੀ ਕਿਰਪਾ ਕਿਵੇਂ ਹੁੰਦੀ ਹੈ, ਉਹਦਾ ਫਾਰਮੂਲਾ ਚੰਗੀ ਤਰ੍ਹਾਂ ਸਿੱਖ ਲਿਆ। ਵੇਖੋ, ਸਾਡੇ ਸਮਾਗਮ 'ਚ ਸ਼ਰਧਾਲੂਆਂ ਨਾਲ ਸਾਡਾ ਕਿਰਪਾ ਪ੍ਰਸੰਗ। ਉਨ੍ਹਾਂ ਦੇ ਪ੍ਰਸ਼ਨ ਤੇ ਸਾਡੇ ਜਵਾਬ।
ਇਕ ਬੀਬੀ ਨੇ ਉਠ ਕੇ ਕਾਰਡਲੈਸ ਮਾਈਕ ਹੱਥ 'ਚ ਫੜ ਕੇ ਸਾਨੂੰ ਸੰਬੋਧਨ ਕਰਦਿਆਂ ਕਿਹਾ, 'ਬਾਬਾ ਜੀ, ਮੇਰੇ ਘੁਟਨੇ ਮੇਂ ਜੋ ਦਰਦ ਹੈ, ਵੋਹ ਉਸੀ ਤਰਹ ਹੈ, ਕੋਈ ਫਰਕ ਨਹੀਂ ਪੜਾ।'
'ਅਰੀ, ਹਮ ਨੇ ਤੁਮਸੇ ਕਹਾ ਥਾ ਕਿ ਕਿਸੀ ਕੁੱਤੇ ਕੋ ਰੋਟੀ ਡਾਲੋ'
'ਹਾਂ ਜੀ ਡਾਲੀ ਥੀ'
'ਕੁੱਤਾ ਸਾਫ਼ ਸੁਥਰਾ ਥਾ ਜਾਂ ਗਲੀ ਕਾ?
'ਬਾਬਾ ਜੀ, ਖੂਬ ਸਾਫ਼-ਸੁਥਰਾ, ਖੂਬਸੂਰਤ ਸਾਬੁਨ ਸੇ, ਮਲ-ਮਲ ਕਰ ਨਹਿਲਾਇਆ ਥਾ ਉਸੇ...
'ਬਸ ਯਹੀਂ ਗਲਤੀ ਕਰਦੀ ਤੁਮਨੇ... ਅਰੀ ਜੋ ਸਾਫ਼-ਸੁਥਰਾ ਕੁੱਤਾ ਹੈ, ਉਸੇ ਰੋਟੀ ਕੀ ਜ਼ਰੂਰਤ ਕਯਾ ਹੈ? ਕੁੱਤਾ ਗਲੀ ਕਾ ਵੋਹ ਭੀ ਗੰਦਗੀ ਮੇਂ ਲਿਬੜਾ ਹੂਆ ਹੋਨਾ ਚਾਹੀਏ ਥਾ। ਉਸੇ ਜ਼ਰੂਰਤ ਹੈ ਨਾ ਦਯਾ ਕੀ? ਸਾਫ਼-ਸੁਥਰੇ ਕੁੱਤੇ ਕੋ ਰੋਟੀ ਡਾਲਨੇ ਸੇ ਕਿਰਪਾਲੂ ਕੀ ਕਿਰਪਾ ਕੈਸੇ ਹੋਗੀ ਤੁਮ ਪਰ?
ਅਭੀ ਜਾ, ਢੂੰਡ ਕੇ ਕਿਸੇ ਗੰਦੇ ਸੇ ਗੰਦੇ ਕੁੱਤੇ ਕੋ ਰੋਟੀ ਡਾਲ, ਤੋ ਯੇ ਭੀ ਯਾਦ ਰਖਨਾ ਕੁੱਤਾ ਭੂਰੇ ਰੰਗ ਕਾ ਹੋਨਾ ਚਾਹੀਏ, ਨਾ ਸਫੈਦ ਨਾ ਕਾਲਾ। ਬਸ ਤੇਰੇ ਪੇ ਕਿਰਪਾ ਹੋ ਜਾਏਗੀ।
'ਜੋ ਹੁਕਮ ਬਾਬਾ ਜੀ, ਗਲਤੀ ਮਾਫ਼ ਕਰੀਏ।'
ਭਗਤ ਬੜੇ ਚੰਗੇ ਹਨ, ਨਾਲੇ ਨਿਮਾਣੇ ਹੁੰਦੇ ਹਨ, ਝਟ ਆਪਣੀ ਗਲਤੀ ਮੰਨ ਲੈਂਦੇ ਹਨ। ਬਾਬੇ ਬੜੇ ਖਰਾਂਟ ਤੇ ਸਿਆਣੇ ਹੁੰਦੇ ਹਨ, ਆਪਣੀ ਗਲਤੀ ਕਦੇ ਨਹੀਂ ਮੰਨਦੇ, ਜੇ ਮੰਨ ਲੈਣਗੇ ਤਾਂ ਫੇਰ ਬਾਬੇ ਕਾਹਦੇ ਹੋਏ।
ਇਕ ਨੂੰ ਅਸਾਂ ਇਲਾਜ ਦੱਸਿਆ ਸੀ ਉਹਦੀ ਪ੍ਰਾਬਲਮ ਦਾ ਕਿ 'ਜਾ ਕੇ ਕੋਈ ਠੰਢੀ ਚੀਜ਼ ਖਾ... ਉਹਨੇ ਆ ਕੇ ਮਾਯੂਸੀ ਨਾਲ ਦੱਸਿਆ ਕਿ ਉਹਨੇ ਆਈਸਕ੍ਰੀਮ ਖਾਧੀ ਸੀ ਪਰ ਕੋਈ ਫਰਕ ਨਹੀਂ ਪਿਆ। ਅਸਾਂ ਹੱਸ ਕੇ ਆਖਿਆ, 'ਓ ਹੋ, ਸਾਡਾ ਮਤਲਬ ਸੀ ਤੂੰ ਕੁਲਫ਼ੀ ਖਾ, ਉਹ ਵੀ ਫਲੂਦੇ ਵਾਲੀ, ਚੱਲ ਕੋਈ ਨੀਂ, ਹੁਣ ਜਾ ਕੇ ਖਾ ਲੈ। ਕਿਰਪਾ ਹੋਏਗੀ।

ਮੁੰਬਈ ਤੋਂ ਆਤਿਸ਼
ਸਰੋਤ (ਅਜੀਤ ਮੈਗਜੀਨ )

More

Recent Posts

Most Trending