ਅਮੈਰੀਕਨ ਪੰਜਾਬੀ ਟ੍ਰਿਬਿਉਨ //14 ਜੂਨ (ਪੀ ਟੀ ਐਨ ਮੀਡੀਆ)- ਯੋਗ ਗੁਰੂ ਬਾਬਾ ਰਾਮਦੇਵ, ਜੋ ਇਕ ਮਹੀਨੇ ਤੱਕ ਯੋਗ ਸੰਮੇਲਨ ਰਾਹੀਂ ਸਤਿਆਗ੍ਰਹਿ ਦੀਆਂ ਗੱਲਾਂ ਕਰਦੇ ਸਨ, ਦੀ ਸਿਰਫ 9 ਦਿਨਾਂ ਵਿੱਚ ਹਾਲਤ ਖਰਾਬ ਹੋ ਗਈ। ਵੀਹ ਸਾਲਾਂ ਵਿੱਚ ਬਾਬਾ ਰਾਮਦੇਵ ਨੇ ਯੋਗ ਰਾਹੀਂ ਜੋ ਇੱਜ਼ਤ ਕਮਾਈ ਸੀ, ਉਹ 9 ਦਿਨਾਂ ਵਿੱਚ ਖਤਮ ਹੋ ਗਈ। ਅਸਲ ਵਿੱਚ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਦੇ ਮੁੱਦੇ ‘ਤੇ ਗੱਲਾਂ ਕਰ ਰਹੇ ਬਾਬਾ ਰਾਮਦੇਵ ਨੇ ਸ਼ੁਰੂ ਤੋਂ ਹੀ ਇਕ ਤੋਂ ਬਾਅਦ ਇਕ 5 ਗਲਤੀਆਂ ਕੀਤੀਆਂ ਅਤੇ ਇਨ੍ਹਾਂ ਗਲਤੀਆਂ ਕਾਰਨ ਹੀ ਉਹ ਸਵਾਲਾਂ ਦੇ ਘੇਰੇ ਵਿੱਚ ਆ ਗਏ।
ਪਹਿਲੀ ਗਲਤੀ: ਸਰਕਾਰ ਨੂੰ ਸੱਤਿਆਗ੍ਰਹਿ ਦੀ ਮਿਆਦ ਬਾਰੇ ਅਗਾਊਂ ਦਿੱਤੀ ਚਿੱਠੀ ਬਾਬਾ ਰਾਮਦੇਵ ਦੀ ਪਹਿਲੀ ਗਲਤੀ ਸੀ। ਇਹ ਸਰਕਾਰ ਨਾਲ ਉਨ੍ਹਾਂ ਦੀ ਡੀਲ ਸੀ। ਬਾਬਾ ਦੀ ਇਜਾਜ਼ਤ ਨਾਲ ਉਨ੍ਹਾਂ ਦੇ ਚੇਲੇ ਆਚਾਰੀਆ ਬਾਲਕ੍ਰਿਸ਼ਨ ਨੇ
ਕੇਂਦਰੀ ਮੰਤਰੀ ਕਪਿਲ ਸਿੱਬਲ ਨੂੰ ਸਾਦੇ ਕਾਗਜ਼ ‘ਤੇ ਲਿਖ ਕੇ ਦੇ ਦਿੱਤਾ ਕਿ ਉਹ ਸਤਿਆਗ੍ਰਹਿ ਨਹੀਂ ਕਰੇਗਾ ਤੇ ਸਿਰਫ ਤਪ ਕਰੇਗਾ। ਇਸ ਦਾ ਖੁਲਾਸਾ ਸਰਕਾਰ ਨੇ ਜਨਤਾ ਦੇ ਸਾਹਮਣੇ ਕਰ ਦਿੱਤਾ। ਇਸ ਚਿੱਠੀ ਨੇ ਬਾਬਾ ਰਾਮਦੇਵ ਦੇ ਇਰਾਦੇ ‘ਤੇ ਸਵਾਲ ਖੜੇ ਕਰ ਦਿੱਤੇ। ਕਾਲੇ ਧਨ ਅਤੇ ਬਾਬਾ ਦੀ ਭਰੋਸੇਯੋਗਤਾ ‘ਤੇ ਸਵਾਲ ਉਠਣ ਲੱਗੇ। ਬਾਬਾ ਦੀ ਆਖਰ ਅਜਿਹੀ ਕੀ ਮਜਬੂਰੀ ਸੀ ਕਿ ਉਨ੍ਹਾਂ ਨੂੰ ਸਰਕਾਰ ਨਾਲ ਡੀਲ ਸਾਈਨ ਕਰਨੀ ਪਈ। ਇਸ ਨਾਲ ਬਾਬਾ ਦੀ ਇਮੇਜ ਖਰਾਬ ਹੋਈ।
ਦੂਜੀ ਗਲਤੀ: ਰਾਮਲੀਲਾ ਵਾਲੇ ਮੰਚ ‘ਤੇ ਸਾਧਵੀ ਰਿਤੰਭਰਾ ਨੂੰ ਬੁਲਾਉਣਾ ਦੂਜੀ ਗਲਤੀ ਸੀ। ਸਰਕਾਰ ਪਹਿਲਾਂ ਹੀ ਬਾਬਾ ਰਾਮਦੇਵ ਦੇ ਸਤਿਆਗ੍ਰਹਿ ਨੂੰ ਆਰ ਐਸ ਐਸ ਦਾ ਏਜੰਡਾ ਦੱਸ ਰਹੀ ਸੀ। ਇਸ ਦੋਸ਼ ਨੂੰ ਉਦੋਂ ਬਲ ਮਿਲਿਆ, ਜਦੋਂ ਬਾਬਾ ਰਾਮਦੇਵ ਨੇ ਰਾਮਲੀਲਾ ਮੈਦਾਨ ਦੇ ਮੰਚ ‘ਤੇ ਆਰ ਐਸ ਐਸ ਦੀ ਨੇੜਲੀ ਰਿਤੰਭਰਾ ਨੂੰ ਸੱਦਿਆ। ਰਿਤੰਭਰਾ ਦਾ ਰਾਮ ਜਨਮ ਭੂਮੀ ਅੰਦੋਲਨ ਵਿੱਚ ਵਿਵਾਦ ਗ੍ਰਸਤ ਰੋਲ ਰਿਹਾ ਹੈ। ਰਿਤੰਭਰਾ ਤੇ ਸੰਘ ਪਰਵਾਰ ਨਾਲ ਜੁੜੇ ਦੂਜੇ ਸੰਗਠਨਾਂ ਦੇ ਵਰਕਰਾਂ ਦੀ ਮੌਜੂਦਗੀ ਵਿੱਚ ਸਰਕਾਰ ਦੇ ਦੋਸ਼ਾਂ ਨੂੰ ਬਲ ਮਿਲਿਆ।
ਤੀਜੀ ਗਲਤੀ: ਅਗਵਾਈ ਕਰਨ ‘ਚ ਨਾਕਾਮੀ ਉਸ ਦੀ ਤੀਜੀ ਗਲਤੀ ਸੀ। ਰਾਮਲੀਲਾ ਮੈਦਾਨ ਵਿੱਚ 50 ਹਜ਼ਾਰ ਤੋਂ ਵੱਧ ਲੋਕ ਮੌਜੂਦ ਸਨ। ਲੱਖਾਂ ਲੋਕ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਬਾਬਾ ਨਾਲ ਸਤਿਆਗ੍ਰਹਿ ਕਰ ਰਹੇ ਸਨ। ਅੱਧੀ ਰਾਤ ਤੋਂ ਬਾਅਦ ਰਾਮਲੀਲਾ ਮੈਦਾਨ ਵਿੱਚ ਪੁਲਸ ਦੇ ਹਮਲੇ ਤੋਂ ਬਾਅਦ ਬਾਬਾ ਰਾਮਦੇਵ ਨੇ ਜਿਸ ਤਰ੍ਹਾਂ ਆਪਣੇ ਸਮਰਥਕਾਂ ਨੂੰ ਛੱਡ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਉਸ ਨਾਲ ਉਨ੍ਹਾਂ ਦੀ ਅਗਵਾਈ ‘ਤੇ ਸਵਾਲ ਉਠ ਖੜੇ ਹੋਏ। ਬਾਬਾ ਚਾਹੁੰਦਾ ਤਾਂ ਮੰਚ ‘ਤੇ ਮੌਜੂਦ ਰਹਿੰਦਾ, ਪਰ ਉਸ ਨੇ ਆਪਣੇ ਭਗਤਾਂ ਨੂੰ ਵਿਚਾਲੇ ਛੱਡ ਕੇ ਜਿਸ ਤਰ੍ਹਾਂ ਭੱਜਣ ਦੀ ਕੋਸ਼ਿਸ਼ ਕੀਤੀ, ਉਸ ਨਾਲ ਉਨ੍ਹਾਂ ਦੀ ਅਗਵਾਈ ਸਮਰੱਥਾ ‘ਤੇ ਸਵਾਲ ਉਠ ਖੜਾ ਹੋਇਆ।
ਚੌਥੀ ਗਲਤੀ: ਮਹਿਲਾ ਵਸਤਰਾਂ ‘ਚ ਭੱਜਦੇ ਫੜੇ ਜਾਣਾ ਚੌਥੀ ਗਲਤੀ ਸੀ। ਜਿਸ ਤਰ੍ਹਾਂ ਬਾਬਾ ਰਾਮਦੇਵ ਨੇ ਮਹਿਲਾ ਰੂਪ ਵਿੱਚ ਰਾਮਲੀਲਾ ਮੈਦਾਨ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ, ਉਸ ਨੇ ਬਾਬਾ ਰਾਮਦੇਵ ਦੀ ਇਮੇਜ ‘ਤੇ ਧੱਬਾ ਲੱਗਾ ਦਿੱਤਾ। ਸਵਾਲ ਉਠਣ ਲੱਗਾ ਕਿ ਇਕ ਸੰਨਿਆਸੀ ਔਰਤਾਂ ਦੇ ਕੱਪੜੇ ਕਿਸ ਤਰ੍ਹਾਂ ਪਹਿਨ ਸਕਦਾ ਹੈ? ਰਾਮਦੇਵ ਦੇ ਇਸ ਕਾਰੇ ਨੇ ਸੰਤ ਸਮਾਜ ਨੂੰ ਵੀ ਨਾਰਾਜ਼ ਕਰ ਦਿੱਤਾ।
ਪੰਜਵੀਂ ਗਲਤੀ: ਹਥਿਆਰਬੰਦ ਫੌਜ ਬਣਾਉਣ ਦਾ ਐਲਾਨ ਕਰਨਾ ਬਾਬਾ ਰਾਮਦੇਵ ਦੀ ਪੰਜਵੀਂ ਗਲਤੀ ਸੀ ਹਥਿਆਰਾਂ ਨਾਲ ਲੈਸ 11000 ਨੌਜਵਾਨਾਂ ਦੀ ਫੌਜ ਬਣਾਉਣ ਦੇ ਐਲਾਨ ਨਾਲ ਬਾਬਾ ਰਾਮਦੇਵ ਦੇ ਸਰਕਾਰ ਨੂੰ ਵੀ ਅਤੇ ਸਮਰਥਕਾਂ ਨੂੰ ਵੀ ਨਾਰਾਜ਼ ਕਰ ਦਿੱਤਾ। ਇਕ ਲੋਕਤਾਂਤਰੀ ਦੇਸ਼ ਵਿੱਚ ਕੋਈ ਕਿਸ ਤਰ੍ਹਾਂ ਆਪਣੀ ਫੌਜ ਬਣਾ ਸਕਦਾ ਹੈ? ਗ੍ਰਹਿ ਮੰਤਰੀ ਨੇ ਅਜਿਹਾ ਕਰਨ ‘ਤੇ ਬਾਬਾ ਰਾਮਦੇਵ ‘ਤੇ ਕਾਨੂੰਨੀ ਕਾਰਵਾਈ ਦੀ ਧਮਕੀ ਦੇ ਦਿੱਤੀ। ਅੰਨਾ ਹਜ਼ਾਰੇ ਨੇ ਵੀ ਬਾਬਾ ਦੇ ਇਸ ਐਲਾਨ ‘ਤੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ।